ਲੋਕ-ਨਾਚ ਦੋ ਸਾਰਥਕ ਸ਼ਬਦਾਂ ਲੋਕ ਅਤੇ ਨਾਚ ਦੇ ਸੁਮੇਲ ਤੋਂ ਬਣਿਆ ਸ਼ਬਦ ਹੈ ਜੋ ਵਿਸਤ੍ਰਿਤ ਸੰਕਲਪ ਦਾ ਧਾਰਨੀ ਹੈ । ਪ੍ਰਚਲਿਤ ਤੌਰ ‘ਤੇ ਲੋਕ ਸ਼ਬਦ ਦੇ ਅਨੇਕ ਅਰਥ ਹਨ ਜਿਵੇਂ ਸੰਸਾਰ, ਲੋਕ ,ਦੁਨੀਆ , ਜਨਤਾ ਆਦਿ ਭਾਵ ਕਿ ਇਹ ਸ਼ਬਦ ਕਿਸੇ ਵਿਅਕਤੀ ਵਿਸ਼ੇਸ਼ ਦਾ ਨਹੀਂ ਸਗੋਂ ਸਮੁੱਚੀ ਮਾਨਵ ਜਾਤੀ ਦਾ ਬੋਧ ਕਰਾਉਂਦਾ ਹੈ । ਨਾਚ ਸ਼ਬਦ ਮਨੁੱਖ ਦੀਆਂ ਅੰਦਰੂਨੀ ਭਾਵਨਾਵਾਂ ਦਾ ਬਾਹਰੀ ਪ੍ਰਗਟਾਅ ਕਰਨ ਵਾਲੀ ਕਲਾ ਪੱਧਤੀ ਦਾ ਨਾਮ ਹੈ ।ਸੋ ਲੋਕ-ਨਾਚ ਤੋਂ ਭਾਵ ਉਹ ਨਾਚ ਹੈ ਜਿਸ ਨੂੰ ਆਮ ਲੋਕ ਆਪਣੀ ਖ਼ੁਸ਼ੀ, ਵਲਵਲੇ ਤੇ ਉਤਸ਼ਾਹ ਨੂੰ ਉਜਾਗਰ ਕਰਨ ਲਈ ਆਮ ਹੀ ਵਰਤ ਲੈਂਦੇ ਹਨ ।
ਪੰਜਾਬ ਦੇ ਲੋਕ-ਨਾਚ ਪੰਜਾਬੀਆਂ ਦੀ ਸਰੀਰਕ ਸੁਡੌਲਤਾ, ਖੁੱਲ੍ਹਦਿਲੀ ,ਬੀਰਤਾ ਅਤੇ ਅਲਬੇਲੇਪਣ ਦਾ ਪ੍ਰਗਟਾਵਾ ਕਰਦੇ ਹਨ ਅਤੇ ਇਨ੍ਹਾਂ ਨਾਲ ਪਾਈਆਂ ਜਾਣ ਵਾਲੀਆਂ ਬੋਲੀਆਂ ਇੱਥੋਂ ਦੀ ਰਿਹਾਇਸ਼, ਖਾਣ-ਪੀਣ, ਹਾਰ-ਸ਼ਿੰਗਾਰ, ਗਹਿਣਿਆਂ ਅਤੇ ਕੰਮ-ਧੰਦਿਆਂ ਦਾ ਵਰਣਨ ਕਰਦੀਆਂ ਹਨ। ਪੰਜਾਬ ਦੇ ਪ੍ਰਮੁੱਖ ਲੋਕ- ਨਾਚਾਂ ਦਾ ਵਰਣਨ ਇਸ ਤਰ੍ਹਾਂ ਹੈ :-
ਗਿੱਧਾ ਸਮੁੱਚੇ ਪੰਜਾਬ ਦੀਆਂ ਇਸਤਰੀਆਂ ਦੇ ਚਾਵਾਂ, ਉਮੰਗਾਂ ਨੂੰ ਪ੍ਰਗਟ ਕਰਨ ਵਾਲਾ ਬਹੁਤ ਹੀ ਹਰਮਨ ਪਿਆਰਾ ਲੋਕ-ਨਾਚ ਹੈ। ਅਸਲ ਵਿੱਚ ਗਿੱਧਾ ਤਾਲੀ (ਤਾੜੀ) ਨਾਚ ਹੈ। ਕੁੜੀਆਂ ਇੱਕ ਗੋਲ ਦਾਇਰੇ (ਚੱਕਰ) ਵਿੱਚ ਖੜ੍ਹ ਕੇ ਗਿੱਧਾ ਪਾਉਂਦੀਆਂ ਹਨ। ਇਸ ਵਿੱਚ ਇੱਕ ਕੁੜੀ ਬੋਲੀ ਪਾਉਂਦੀ ਹੈ ।ਬਾਕੀ ਕੁੜੀਆਂ ਬੋਲੀ ਦੇ ਨਾਲ ਹੁੰਗਾਰਾ ਭਰਦੀਆਂ ਹੋਈਆਂ ਗਿੱਧਾ ਪਾਉਂਦੀਆਂ ਹਨ ਅਤੇ ਦੋ ਕੁੜੀਆਂ ਬੋਲੀ ਦੇ ਹਾਵ-ਭਾਵ ਨੂੰ ਪ੍ਰਗਟਾਉਂਦਿਆਂ ਹੋਇਆਂ ਘੇਰੇ ਦੇ ਵਿਚਕਾਰ ਨੱਚਦੀਆਂ ਹਨ। ਗਿੱਧੇ ਦੀਆਂ ਮੁਦਰਾਵਾਂ ਪੈਰਾਂ ਦੀ ਥਾਪ, ਹੱਥਾਂ ਦੀਆਂ ਤਾੜੀਆਂ ਅਤੇ ਬਾਹਾਂ ਦੇ ਹੁਲਾਰਿਆਂ ਰਾਹੀਂ ਪੇਸ਼ ਕੀਤੀਆਂ ਜਾਂਦੀਆਂ ਹਨ। ਗਿੱਧੇ ਵਿੱਚ ਸਾਜ਼ ਦੀ ਲੋੜ ਨਹੀਂ ਪੈਂਦੀ। ਮੂੰਹ ਦੁਆਰਾ ਫੂ-ਫੂ, ਬੱਲੇ-ਬੱਲੇ, ਅੱਡੀਆਂ ਧਰਤੀ ਤੇ ਮਾਰਨਾ, ਕਿਲਕਾਰੀ ਮਾਰਨਾ ਅਤੇ ਜ਼ੋਰਦਾਰ ਤਾੜੀਆਂ ਹੀ ਸਾਜ਼ ਦਾ ਕੰਮ ਕਰਦੀਆਂ ਹਨ। ਗਿੱਧੇ ਵਿਚਲੀਆਂ ਬੋਲੀਆਂ ਆਮ ਤੌਰ ' ਤੇ ਨੂੰਹ ਅਤੇ ਸੱਸ, ਨ਼ਨਾਣ ਅਤੇ ਭਰਜਾਈ, ਭੈਣ ਅਤੇ ਭਰਾ, ਕੰਤ (ਪਤੀ), ਬਾਬੁਲ (ਪਿਤਾ) ਆਦਿ ਨਾਲ ਸੰਬੰਧਤ ਹੁੰਦੀਆਂ ਹਨ। ਜਿਵੇਂ :-
ਭਾਬੋ ਮੇਰੀ ਮੁਕਲਾਵੇ ਆਈ ,
ਆਈ ਸਰ੍ਹੋਂ ਦਾ ਫੁੱਲ ਬਣ ਕੇ
ਗਲ ਵਿੱਚ ਉਹਦੇ ਕੰਠੀ ਸੋਂਹਦੀ,
ਵਿੱਚ ਸੋਨੇ ਦੇ ਮਣਕੇ
ਰੂਪ ਉਹਨੂੰ ਰੱਬ ਨੇ ਦਿੱਤਾ ,
ਤੁਰਦੀ ਪਟੋਲਾ ਬਣਕੇ ।
ਭੰਗੜਾ ਪੰਜਾਬੀ ਨੌਜਵਾਨਾਂ ਦਾ ਮੁੱਖ ਨਾਚ ਹੈ। ਲਗਭਗ ਹਰ ਖੁਸ਼ੀ ਦੇ ਮੌਕੇ 'ਤੇ ਭੰਗੜਾ ਪਾਇਆ ਜਾਂਦਾ ਹੈ, ਜਿਨ੍ਹਾਂ ਵਿਚੋਂ ਵਿਸਾਖੀ ਦਾ ਮੇਲਾ ਪ੍ਰਮੁੱਖ ਹੈ। ਜਦੋਂ ਕਿਸਾਨ ਆਪਣੀ ਫ਼ਸਲ ਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਹਨ, ਤਾਂ ਉਹ ਭੰਗੜਾ ਪਾਉਂਦੇ ਹਨ। ਭੰਗੜਾ ਤਾਕਤ, ਹਿੰਮਤ, ਬਹਾਦਰੀ ਅਤੇ ਜੋਸ਼ ਨਾਲ ਭਰਪੂਰ ਨਾਚ ਹੈ। ਢੋਲ ਇਸ ਨਾਚ ਦਾ ਮੁੱਖ ਸਾਜ਼ ਹੈ ਅਤੇ ਢੋਲੀ ਭੰਗੜਾ ਪੇਸ਼ ਕਰਨ ਵਾਲੇ ਨੌਜਵਾਨਾਂ ਵਿਚਕਾਰ ਖੜ੍ਹਾ ਹੁੰਦਾ ਹੈ। ਜਦੋਂ ਢੋਲ ਵੱਜਦਾ ਹੈ ਤਾਂ ਨੌਜਵਾਨ ਨੱਚਣ ਲੱਗ ਜਾਂਦੇ ਹਨ। ਜਿਵੇਂ-ਜਿਵੇਂ ਢੋਲ ਦੀ ਤਾਲ ਬਦਲਦੀ ਹੈ, ਨੱਚਣ ਵਾਲੇ ਨੌਜਵਾਨਾਂ ਦੀਆਂ ਹਰਕਤਾਂ ਬਦਲਦੀਆਂ ਹਨ। ਢੋਲ ਦੀ ਬੀਟ ਨਾਲ ਸਰੀਰ ਦੀਆਂ ਸਾਰੀਆਂ ਹਰਕਤਾਂ ਚੱਲਦੀਆਂ ਹਨ। ਤਾਲ ਹੌਲੀ-ਹੌਲੀ ਵਧਦੀ ਜਾਂਦੀ ਹੈ, ਜਿਸ ਨਾਲ ਸਰੀਰ ਦੀਆਂ ਹਰਕਤਾਂ ਵੀ ਤੇਜ਼ ਹੁੰਦੀਆਂ ਹਨ। ਅੱਜ ਕੱਲ੍ਹ ਭੰਗੜੇ ਨੇ ਵੱਖ-ਵੱਖ ਨਾਚਾਂ ਦੀਆਂ ਮੁਦਰਾਵਾਂ ਨੂੰ ਅਪਣਾਇਆ ਹੈ, ਜਿਸ ਨੇ ਇਸ ਦੇ ਸਟੇਜ ਸਰੂਪ ਨੂੰ ਜਨਮ ਦਿੱਤਾ ਹੈ। ਭੰਗੜੇ ਦੇ ਪਹਿਰਾਵੇ ਵਿੱਚ ਚਾਦਰਾ ,ਕੁੜਤਾ , ਕੁੜਤੇ ਉਪਰ ਰੰਗੀਨ ਕੁੜਤੀ , ਤੁਰਲੇ ਵਾਲੀ ਪੱਗ ਅਤੇ ਹੱਥ ਵਿੱਚ ਕੋਕੇ ਵਾਲੀ ਡਾਂਗ ਇਸ ਨੂੰ ਚਾਰ ਚੰਨ ਲਗਾਉਂਦੀ ਹੈ ।ਇਸ ਨਾਲ ਪਾਈ ਜਾਣ ਵਾਲੀ ਇਕ ਬੋਲੀ ਦੀ ਉਦਾਹਰਣ ਦੇਖੋ :-
ਰੰਗ ਚੋ ਕੇ ਪਰਾਤ ਵਿਚ ਪੈ ਗਿਆ,
ਧੁੱਪੇ ਮੈਂ ਪਕਾਈਆਂ ਰੋਟੀਆਂ ।
ਪੰਜਾਬ ਦੇ ਮਾਲਵੇ ਖੇਤਰ ਅੰਦਰ ਮਰਦਾਂ ਦੇ ਗਿੱਧੇ ਦੀ ਵਿਲੱਖਣ ਪਰੰਪਰਾ ਹੈ, ਜਿਸ ਨੂੰ ਮਲਵਈ ਗਿੱਧਾ / ਬਾਬਿਆਂ ਦਾ ਗਿੱਧਾ ਕਿਹਾ ਜਾਂਦਾ ਹੈ। ਇਹ ਮੇਲਿਆਂ ਦੀ ਮਹੱਤਵਪੂਰਨ ਵੰਨਗੀ ਹੈ। ਇਸ ਵਿੱਚ ਪੰਜਾਬ ਦੇ ਸਾਰੇ ਲੋਕ ਸਾਜ਼, ਬੁਘਦੂ, ਤੂੰਬੀ, ਚਿਮਟਾ, ਢੋਲਕੀ, ਢੱਡ, ਸਾਰੰਗੀ, ਕਾਟੋ, ਸੱਪ ਆਦਿ ਵਰਤੇ ਜਾਂਦੇ ਹਨ। ਇਸ ਵਿੱਚ ਇੱਕ ਗੱਭਰੂ ਬੋਲੀ ਪਾਉਂਦਾ ਹੈ ਅਤੇ ਅੰਤਿਮ ਸਤਰਾਂ ਤੇ ਸਾਰੇ ਸਾਜ ਵਜਾਉਣ ਲੱਗ ਪੈਂਦੇ ਹਨ। ਬੋਲੀ ਦੀਆਂ ਅੰਤਿਮ ਸਤਰਾਂ ਸਾਰੇ ਰਲਕੇ ਬੋਲਦੇ ਹਨ ਅਤੇ ਦੋ ਗੱਭਰੂ ਅੱਗੇ ਆ ਕੇ ਨੱਚਦੇ ਹਨ। ਇਹਨਾਂ ਬੋਲੀਆਂ ਦਾ ਵਿਸ਼ਾ ਘਰੇਲੂ, ਸਮਾਜਿਕ, ਛੜਿਆਂ ਦੇ ਦੁਖੜੇ ਆਦਿ ਹੁੰਦੇ ਹਨ। ਇਸ ਵਿੱਚ ਬੋਲੀਆਂ ਲੰਮੀਆਂ ਅਤੇ ਨਿਯਮਤ ਢੰਗ ਨਾਲ ਪਾਈਆਂ ਜਾਂਦੀਆਂ ਹਨ।
ਖੁਰਦ ਮਾਣਕੀ ਕੋਲੇ ਕੋਲੀ ਦੀਨੇ ਕੋਲ ਸੁਹਾਣੇ ,
ਉਰਲੇ ਪਾਸੇ ਪਿੰਡ ਸਠਿਆਲਾ ਬੈਠੇ ਨੇ ਲੋਕ ਸਿਆਣੇ ,
ਵੱਡੀ ਬਦੇਸ਼ਾਂ ਪੈਂਦੀ ਨੇੜੇ ਡੁੱਬ ਗਏ ਉਨ੍ਹਾਂ ਦੇ ਨਿਆਣੇ ,
ਡਾਢੇਆਲ ਪਿੰਡ ਸਰਦਾਰਾਂ ਦਾ ਜਿਹਨੂੰ ਆਮ ਖਾਸ ਵੀ ਜਾਣੇ ,
ਟਿੱਬਾ ਪਿੰਡ ਵੈਲੀਆਂ ਦਾ ਜਿਥੇ ਬੁੜ੍ਹੀਆਂ ਰਹਿੰਦੀਆਂ ਠਾਣੇ ,
ਉੱਜੜ ਮਲਾਨ ਗਿਆ ਫਿਰ ਢੋ ਲੇ ਜੱਟਾਂ ਨੇ ਦਾਣੇ ,
ਕਲੰਨ ਪਿੰਡ ਮਾਂਗੇਵਾਲ ਸੀ ਚੰਗੇ ਮੰਦੇ ਦੀ ਪਰਖ ਨਾ ਜਾਣੇ ,
ਕੋਟ ਸ਼ੌਕੀਨਾਂ ਦਾ ਮੁੰਡੇ ਰਹਿੰਦੇ ਹੀ ਜਿਥੇ ਜਰਵਾਣੇ ,
ਮਿੱਠੇਆਲ ਮੈਂ ਵੜਿਆ ਅੱਧੇ ਡੁਡੇ ਤੇ ਅੱਧੇ ਨੇ ਕਾਣੇ ,
ਬਾਪਲਾਂ ਪੱਟਤਾ ਮੁਰੱਬੇਬੰਦੀ ਨੇ ਭੁੱਖੇ ਮਰਦੇ ਉਨ੍ਹਾਂ ਦੇ ਨਿਆਣੇ ,
ਪੰਜ ਗਰਾਰੀਏ ਪਿੰਡ ਹਮਾਰਾ ਜਿੱਥੇ ਵਧੀਆ ਨੇ ਚੱਲਦੇ ਲਾਣੇ ,
ਨਵਿਆਂ ਦੇ ਲੜ ਲੱਗ ਕੇ ਭੁੱਲ ਗਈ ਯਾਰ ਪੁਰਾਣੇ ।
ਕਿੱਕਲੀ ਕੁੜੀਆਂ ਦਾ ਨਾਚ ਹੈ, ਜੋ ਬੱਚਿਆਂ ਦੀਆਂ ਖੇਡਾਂ ਨਾਲ ਜੁੜਿਆ ਹੋਇਆ ਹੈ। ਇਸ ਵਿੱਚ ਦੋ ਕੁੜੀਆਂ, ਆਪੋ ਵਿੱਚ ਕਰਿੰਗਲੀ ਪਾ ਕੇ ਨੱਚਦੀਆਂ ਹਨ, ਇਸ ਲਈ ਇਸ ਨਾਚ ਦਾ ਨਾਮ ਕਿਕਲੀ ਪੈ ਗਿਆ। ਇਸ ਵਿੱਚ ਕੁੜੀਆਂ ਇੱਕ ਦੂਜੀ ਦੇ ਹੱਥ ਫੜਕੇ, ਗੋਲ ਗੋਲ ਘੁੰਮਦੀਆਂ ਹਨ ਅਤੇ ਆਪਣੇ ਵੀਰ ਪ੍ਰਤੀ ਪਿਆਰ ਦਾ ਇਜ਼ਹਾਰ ਕਰਦੀਆਂ, ਝੂਮਦੀਆਂ ਤੇ ਗਾਉਂਦੀਆਂ ਹਨ। ਕਈ ਵਾਰ ਗਿੱਧੇ ਦੀ ਸਮਾਪਤੀ ਤੇ ਵੀ ਕਿਕਲੀ ਪਾਈ ਜਾਂਦੀ ਹੈ।
ਕਿੱਕਲੀ ਕਲੀਰ ਦੀ
ਪੱਗ ਮੇਰੇ ਵੀਰ ਦੀ
ਦੁਪੱਟਾ ਭਰਜਾਈ ਦਾ
ਫਿੱਟੇ ਮੂੰਹ ਜਵਾਈ ਦਾ ।
ਝੂੰਮਰ ਆਮ ਤੌਰ ਤੇ ਮਰਦਾਂ ਦਾ ਨਾਚ ਹੈ, ਪਰ ਕੁਝ ਥਾਂਵਾਂ ਤੇ ਔਰਤਾਂ ਵੀ ਝੂੰਮਰ ਪਾਉਂਦੀਆਂ ਹਨ। ਇਸ ਨੂੰ ਬਲੋਚਾਂ ਦਾ ਨਾਚ ਵੀ ਕਹਿੰਦੇ ਹਨ। ਇਸ ਵਿੱਚ ਨੱਚਣ ਵਾਲੇ ਝੂਮਦੇ ਹਨ, ਜਿਸ ਕਰਕੇ ਇਸ ਨੂੰ ਝੂੰਮਰ ਕਿਹਾ ਜਾਂਦਾ ਹੈ। ਇਸ ਲਈ ਵਿਸ਼ੇਸ਼ ਸਾਜ ਢੋਲ ਹੈ। ਇਸ ਵਿੱਚ ਨੱਚਣ ਵਾਲੇ ਗੱਭਰੂ ਢੋਲ ਦੁਆਲੇ ਗੋਲ ਚੱਕਰ ਵਿੱਚ ਬਾਹਾਂ ਉੱਪਰ ਕਰਕੇ ਖੜ੍ਹ ਜਾਂਦੇ ਹਨ। ਫਿਰ ਤਾਲ ਵਿੱਚ ਖੱਬਾ ਪੈਰ ਅੱਗੇ ਪਿੱਛੇ ਰੱਖਕੇ, ਬਾਹਾਂ ਨੂੰ ਹੁਲਾਰਾ ਦੇ ਕੇ, ਹੱਥਾਂ ਨੂੰ ਹਿਲਾਉਂਦੇ ਹਨ। ਫਿਰ ਮੁੱਠੀਆਂ ਮੀਚਕੇ ਛਾਤੀ ਕੋਲ ਕਰਕੇ, ਅੱਗੇ-ਪਿੱਛੇ ਕਰਦੇ ਹਨ ਅਤੇ ਤਾੜੀ ਮਾਰਦੇ ਹਨ। ਇਸਦੇ ਨਾਲ ਛੂਹ - ਛਾਹ ਦੀਆਂ ਆਵਾਜ਼ਾਂ ਕੱਢਦੇ ਹਨ। ਇਸਦੇ ਗੀਤ ਲੰਮੇਂ ਹੁੰਦੇ ਹਨ। ਇਸ ਵਿੱਚ ਮਾਹੀਏ ਤੇ ਟੱਪੇ ਗਾਏ ਜਾਂਦੇ ਹਨ।
ਪਾਣੀ ਭਰੇਨੀਆਂ ਪੱਤਣੂ
ਮੈਂ ਤਾਂ ਪਾਣੀ ਭਰੇਨੀ ਆਂ ਪੱਤਣੂ
ਭੈੜੇ ਨੈਣ ਨਾ ਰਹਿੰਦੇ ਤੱਕਣੂ
ਸੋਹਣੇ ਦੰਦ ਵੀ ਨਾ ਰਹਿੰਦੇ ਹੱਸਣੂ
ਭਾਵੇਂ ਜਾਣ ਭਾਵੇਂ ਨਾ ਜਾਣੇ
ਮੇਰਾ ਢੋਲ ਜਵਾਨੀਆ ਮਾਣੇ ।
ਸੰਮੀ ਪੱਛਮੀ ਪੰਜਾਬ ਦੇ ਬਾਰ ਦੇ ਇਲਾਕੇ ਦੀਆਂ ਔਰਤਾਂ ਦਾ ਨਾਚ ਹੈ। ਇਸ ਨਾਚ ਦਾ ਨਾਂ ਸੰਮੀ ਨਾਮ ਦੀ ਕੁੜੀ ਉੱਪਰ ਪਿਆ ਹੈ। ਇਸ ਵਿੱਚ ਕੁੱਝ ਔਰਤਾਂ ਘੇਰੇ ਵਿੱਚ ਖਲੋ ਕੇ ਉੱਪਰ ਵੱਲ ਬਾਹਾਂ ਕਰਕੇ ਸੁਰੀਲੀ ਆਵਾਜ਼ ਵਿੱਚ ਗੀਤ ਗਾਉਂਦੀਆਂ ਹਨ। ਇਸ ਵਿੱਚ ਪੈਰਾਂ ਦੀ ਧਮਕ ਨਾਲ ਤਾਲ, ਹੱਥਾਂ ਨਾਲ ਤਾੜੀਆਂ ਅਤੇ ਉਂਗਲਾਂ ਨਾਲ ਚੁੱਟਕੀਆਂ ਵਜਾਈਆਂ ਜਾਂਦੀਆਂ ਹਨ। ਇਹ ਨਾਚ ਬਾਹਾਂ ਦੇ ਹੁਲਾਰਿਆਂ ਉੱਤੇ ਅਧਾਰਿਤ ਹੈ । ਇਸ ਵਿੱਚ ਕੁਝ ਔਰਤਾਂ ਇੱਕ ਚੱਕਰ ਵਿੱਚ ਖੜ੍ਹੀਆਂ ਹੁੰਦੀਆਂ ਹਨ ਅਤੇ ਆਪਣੀਆਂ ਬਾਹਾਂ ਚੁੱਕਦੀਆਂ ਹੋਈਆਂ ਸੁਰੀਲੀ ਆਵਾਜ਼ ਵਿੱਚ ਗਾਉਂਦੀਆਂ ਹਨ। ਇਹ ਨਾਚ ਹਥਿਆਰਾਂ ਦੇ ਲਹਿਰਾਉਣ 'ਤੇ ਅਧਾਰਿਤ ਹੈ ਅਤੇ ਤਾੜੀਆਂ ਅਤੇ ਚੁੰਨੀਆਂ ਨਾਲ ਕੀਤਾ ਗਿਆ ਇੱਕ ਸਧਾਰਨ ਨਾਚ ਹੈ।
ਲੁੱਡੀ ਪਾਉਣਾ ਪੰਜਾਬ ਵਿੱਚ ਪ੍ਰਚਲਿਤ ਮੁਹਾਵਰਾ ਹੈ, ਜਿਸਦਾ ਭਾਵ ਖੁਸ਼ੀ ਮਨਾਉਣਾ ਜਾਂ ਜਸ਼ਨ ਹੈ। ਪੁਰਾਣੇ ਸਮੇਂ ਵਿੱਚ ਜਦ ਫੌਜ ਜੰਗ ਜਿੱਤਕੇ ਮੁੜਦੀ ਸੀ ਤਾਂ ਲੁੱਡੀ ਪਾ ਕੇ ਜਵਾਨਾਂ ਦਾ ਸਵਾਗਤ ਕੀਤਾ ਜਾਂਦਾ ਸੀ। ਸੰਮੀ ਤੇ ਲੁੱਡੀ ਵਿੱਚ ਸਿਰਫ ਇਤਨਾ ਹੀ ਫਰਕ ਹੈ ਕਿ ਸੰਮੀ ਵਿੱਚ ਨਾਚ ਦੇ ਨਾਲ-ਨਾਲ ਗੀਤ ਗਾਇਆ ਜਾਂਦਾ ਹੈ, ਜਦੋਂ ਕਿ ਲੁੱਡੀ ਦੇ ਨੱਚਣ ਸਮੇਂ ਅਜਿਹੀ ਕੋਈ ਵਿਵਸਥਾ ਨਹੀਂ ਹੈ। ਇਸ ਵਿੱਚ ਜਦੋਂ ਢੋਲ ਵੱਜਦਾ ਹੈ ਤਾਂ ਉਸਦੀ ਤਾਲ ਨਾਲ ਤਾੜੀ ਮਾਰਦੇ ਹੋਏ, ਮੋਢੇ ਹਿਲਾਉਂਦੇ ਹਨ ਅਤੇ ਅੱਖਾਂ ਮਟਕਾਉਂਦੇ ਹਨ। ਇਹ ਪੱਛਮੀ ਖਿੱਤੇ ਦਾ ਨਾਚ ਹੈ ਅਤੇ ਵਿਆਹ ਮੌਕੇ ਔਰਤਾਂ ਵੱਲੋਂ ਲੁੱਡੀ ਪਾਈ ਜਾਂਦੀ ਹੈ।
ਇਸ ਤੋਂ ਇਲਾਵਾ ਹੁੱਲੇ ਹੁਲਾਰੇ, ਟਿੱਪਰੀ ਜਾਂ ਡੰਡਾਸ ,ਖਲਾਅ ਜਾਂ ਫੜੂਹਾ, ਧਮਾਲ, ਵਾਧੀ ਨਾਚ, ਅਖਾੜਾ ਜਾਂ ਭਲਵਾਨੀ , ਛੀਂਬੋ, ਜੱਲੀ, ਪਠਾਣੀਆ , ਨਾਮਧਾਰੀ, ਗੱਤਕਾ ,ਸੁਥਰਿਆਂ ਦਾ ਨਾਚ ਅਜਿਹੇ ਲੋਕ-ਨਾਚ ਹਨ , ਜਿਨ੍ਹਾਂ ਨੇ ਸਮੇਂ ਦੇ ਨਾਲ ਆਪਣੀ ਹੋਂਦ ਗਵਾ ਲਈ ਹੈ ਜਾਂ ਇਨ੍ਹਾਂ ਦੀਆਂ ਮੁਦਰਾਵਾਂ ਹੋਰ ਲੋਕ- ਨਾਚਾਂ ਦਾ ਹਿੱਸਾ ਬਣਕੇ ਰਹਿ ਗਈਆਂ ਹਨ ।
ਸੋ ਉਪਰੋਕਤ ਲੋਕ- ਨਾਚ ਜਿੱਥੇ ਮਨਪ੍ਰਚਾਵੇ ਦਾ ਸਾਧਨ ਬਣਦੇ ਹਨ, ਉੱਥੇ ਇਹ ਇੱਕ ਤੰਦਰੁਸਤ ਸਰੀਰ ਦੇ ਨਿਰਮਾਣ ਕਰਨ ਵਿੱਚ ਵੀ ਸਹਾਈ ਹੁੰਦੇ ਹਨ। ਇਸ ਲਈ ਅਜੋਕੀ ਨੌਜਵਾਨ ਪੀੜ੍ਹੀ ਨੂੰ ਸਾਡੇ ਵਿਰਾਸਤੀ ਲੋਕ-ਨਾਚਾਂ ਬਾਰੇ ਜਾਣੂ ਕਰਵਾਉਣਾ ਅਤੇ ਆਪਣੀਆਂ ਜੜ੍ਹਾਂ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ ।
Comments