ਪੋਹ ਦਾ ਇਹ ਮਹੀਨਾ ਸਿੱਖ ਇਤਿਹਾਸ ਵਿੱਚ ਸ਼ਹੀਦੀ ਮਹੀਨੇ ਵੱਜੋਂ ਮਨਾਇਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਮਨ ਵੈਰਾਗ ਨਾਲ ਭਰ ਜਾਂਦਾ ਹੈ। ਮਨੁੱਖਤਾ ਦੇ ਭਲੇ ਲਈ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਕੀਤਾ ਦੁਨੀਆਂ ਵਿੱਚ ਉਸ ਦੀ ਹੋਰ ਕੋਈ ਵੀ ਮਿਸਾਲ ਨਹੀਂ ਮਿਲਦੀ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਸਿੰਘਾਂ ਤੇ ਆਪਣੇ ਪਰਿਵਾਰ ਨਾਲ ਸ੍ਰੀ ਆਨੰਦਪੁਰ ਸਾਹਿਬ ਦੇ ਕਿਲੇ ਵਿੱਚੋਂ ਨਿਕਲੇ ਤੇ ਸਾਰੇ ਹੀ ਇਕ ਦੂਜੇ ਤੋਂ ਵਿੱਛੜ ਗਏ। ਗੁਰੂ ਸਾਹਿਬ ਤਾਂ ਸਰਸਾ ਨਦੀ ਪਾਰ ਕਰ ਗਏ ਪਰ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਸਰਸਾ ਪਾਰ ਨਹੀਂ ਕਰ ਸਕੇ ਕਿਉਂਕਿ ਸਰਸਾ ਵਿੱਚ ਹੜ੍ਹ ਆਇਆ ਹੋਇਆ ਸੀ। ਜਿਸ ਕਰਕੇ ਮਾਤਾ ਗੁਜਰੀ ਆਪਣੇ ਪੋਤਰਿਆਂ ਨਾਲ ਇਕੱਲੇ ਰਹਿ ਗਏ ਤੇ ਪਰਿਵਾਰ ਤੋਂ ਵਿਛੜ ਗਏ।
ਇਕੱਲੇ ਮਾਤਾ ਤੇ ਛੋਟੀਆਂ ਛੋਟੀਆਂ ਜਿੰਦਾਂ ਹੱਡ-ਚੀਰਵੀਂ ਠੰਡ ਵਿਚ ਬੀਆਬਾਨ ਜੰਗਲ ਤੇ ਝਾੜੀਆਂ ਵਿੱਚ ਲੁਕਦੇ ਹੋਏ ਜਾ ਰਹੇ ਸਨ। ਮਾਤਾ ਨੂੰ ਦੂਰ ਇੱਕ ਝੌਂਪੜੀ ਵਿੱਚ ਦੀਵਾ ਜਗਦਾ ਨਜ਼ਰ ਆਇਆ ਕੋਲ ਜਾ ਕੇ ਆਵਾਜ਼ ਦਿੱਤੀ,” ਹੈ ਕੋਈ ਰੱਬ ਦਾ ਪਿਆਰਾ”
ਝੁੱਗੀ ਦੇ ਅੰਦਰੋਂ ਕੁੰਮਾ ਮਾਸ਼ਕੀ ਬਾਹਰ ਨਿਕਲਿਆ ਤੇ ਪੁੱਛਣ ਲੱਗਾ ਕਿ ਤੁਸੀਂ ਕੌਣ ਹੋ।ਮਾਤਾ ਨੇ ਜਦੋਂ ਆਪਣੇ ਬਾਰੇ ਦੱਸਿਆ ਤਾਂ ਉਹ ਆਪਣੇ ਆਪ ਨੂੰ ਧੰਨ ਭਾਗ ਸਮਝਣ ਲਗਾ ਕਿਉਂਕਿ ਉਹ ਵੀ ਗੁਰੂ ਘਰ ਦਾ ਸ਼ਰਧਾਲੂ ਸੀ। ਉਸ ਨੇ ਤੇ ਉਸ ਦੀ ਪਤਨੀ ਬੀਬੀ ਲਛਮੀ ਨੇ ਬੜੀ ਸ਼ਰਧਾ ਨਾਲ ਮਾਤਾ ਤੇ ਬੱਚਿਆਂ ਦੀ ਸੇਵਾ ਕੀਤੀ।ਗੰਗੂ ਗੁਰੂ ਸਾਹਿਬ ਦੇ ਪਰਿਵਾਰ ਨੂੰ ਲੱਭਦਾ ਹੋਇਆ ਕੁੰਮਾ ਮਾਸ਼ਕੀ ਦੇ ਘਰ ਪਹੁੰਚਿਆ ਤੇ ਆਪਣੇ ਪਿੰਡ ਸਹੇੜੀ ਲੈ ਗਿਆ। ਉਹ ਗੁਰੂ ਸਾਹਿਬ ਦੇ ਪਰਿਵਾਰ ਨਾਲ ਖੁਣਸ ਰੱਖਦਾ ਸੀ ਤੇ ਮੌਕੇ ਦੀ ਭਾਲ ਵਿੱਚ ਸੀ। ਉਸ ਦੀ ਨਜ਼ਰ ਮਾਤਾ ਦੀ ਮੋਹਰਾਂ ਵਾਲੀ ਥੈਲੀ ਤੇ ਸੀ । ਸਰਕਾਰ ਵੱਲੋਂ ਮਿਲਣ ਵਾਲੇ ਇਨਾਮ ਦੇ ਲਾਲਚ ਵਿੱਚ ਉਸ ਨੇ ਸ਼ਿਕਾਇਤ ਕਰ ਦਿੱਤੀ। ਥਾਣੇਦਾਰ ਨੇ ਜਾਨੀ ਖਾਂ ਤੇ ਮਾਨੀ ਖਾਂ ਨੂੰ ਭੇਜਿਆ ਜਿਨ੍ਹਾਂ ਨੇ ਮਾਤਾ ਗੁੱਜਰ ਕੌਰ, ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਨੂੰ ਜ਼ੰਜੀਰਾਂ ਨਾਲ ਬੰਨ ਕੇ ਗੱਡੇ ਤੇ ਬਿਠਾ ਲਿਆ ਤੇ ਥਾਣੇ ਲੈ ਗਏ। ਉਥੇ ਦੇ ਲੋਕ ਇਸ ਜ਼ੁਲਮ ਨੂੰ ਵੇਖਣ ਲਈ ਘਰਾਂ ਤੋਂ ਬਾਹਰ ਆ ਗਏ। ਇਨ੍ਹਾਂ ਨੂੰ ਭੁੱਖੇ ਪਿਆਸੇ ਇਕ ਰਾਤ ਥਾਣੇ ਦੀ ਕੋਠੜੀ ਵਿੱਚ ਰੱਖਿਆ ਗਿਆ।
ਮਾਤਾ ਗੁੱਜਰ ਕੌਰ ਤੇ ਬੱਚਿਆਂ ਨੂੰ ਮੋਰਿੰਡੇ ਤੋਂ ਗੱਡੇ ਵਿਚ ਬਿਠਾ ਕੇ ਸਖਤ ਪਹਿਰੇ ਵਿੱਚ ਸਰਹੰਦ ਲਿਜਾਇਆ ਗਿਆ। ਰਸਤੇ ਵਿੱਚ ਗੱਡਾ ਨੁਗਾਵਾ ਪਿੰਡ ਰੋਕਿਆ ਗਿਆ ਨੇੜੇ ਖੂਹ ਵੱਗ ਰਿਹਾ ਸੀ।ਮਾਤਾ ਨੇ ਪਾਣੀ ਪੀਣ ਦੀ ਇੱਛਾ ਜ਼ਾਹਰ ਕੀਤੀ ਪਰ ਉਨ੍ਹਾਂ ਜ਼ਾਲਮਾਂ ਪਾਣੀ ਵੀ ਨਾ ਪੀਣ ਦਿਤਾ। ਅੱਗੇ ਚੱਲ ਕੇ ਗੱਡਾ ਬੱਸੀ ਪਠਾਣਾਂ ਰੋਕਿਆ ਜਿਥੇ ਸਿਪਾਹੀਆਂ ਨੇ ਰੋਟੀ ਖਾਧੀ ਪਰ ਬੱਚਿਆਂ ਨੂੰ ਖਾਣ ਲਈ ਰੋਟੀ ਨਹੀਂ ਦਿੱਤੀ । ਸਰਹੰਦ ਪਹੁੰਚ ਕੇ ਮਾਤਾ ਅਤੇ ਬੱਚਿਆਂ ਨੂੰ ਵਜ਼ੀਰ ਖਾਂ ਨੇ ਠੰਢੇ ਬੁਰਜ ਵਿੱਚ ਕੈਦ ਕਰ ਲਿਆ। ਬੱਚਿਆਂ ਨੂੰ ਸੂਬੇ ਦੀ ਕਚਹਿਰੀ ਲਿਜਾ ਕੇ ਕਈ ਲਾਲਚ ਦਿੱਤੇ,ਡਰਾਇਆ ਧਮਕਾਇਆ ਵੀ ਪਰ ਬੱਚੇ ਉਨ੍ਹਾਂ ਦੀਆਂ ਗੱਲਾਂ ਤੋਂ ਨਾ ਡਰੇ ਤੇ ਨਾ ਹੀ ਡੋਲੇ। ਜਦੋਂ ਗੁੱਸੇ ਵਿੱਚ ਸੂਬਾ ਵਜ਼ੀਰ ਖਾਂ ਮੌਤ ਦੀਆਂ ਧਮਕੀਆਂ ਦੇਣ ਲਗਾ ਉਸ ਕਚਹਿਰੀ ਵਿੱਚ ਸ਼ੇਰ ਮੁਹੰਮਦ ਖਾਂ ਵਰਗੇ ਵੀ ਸਨ ਜਿਸ ਦੀ ਬੇਸ਼ਕ ਗੁਰੂ ਘਰ ਨਾਲ ਦੁਸ਼ਮਣੀ ਸੀ ਪਰ ਫਿਰ ਵੀ ਉਸ ਨੇ ਕਿਹਾ ਮਾਸੂਮ ਬੱਚੇ ਕਤਲ ਕਰਨਾ ਇਸਲਾਮ ਦੇ ਖਿਲਾਫ ਹੈ ਹਾਅ ਦਾ ਨਾਅਰਾ ਮਾਰ ਕੇ ਉਹ ਕਚਹਿਰੀ ਤੋਂ ਬਾਹਰ ਚਲਾ ਗਿਆ। ਕਾਜ਼ੀ ਅਲੀ ਖਾਂ ਨੇ ਤਾਂ ਫਤਵਾ ਹੀ ਲਾ ਦਿਤਾ ਬਾਗੀ ਬਾਪ ਦੇ ਬਾਗੀ ਪੁੱਤਰਾਂ ਨੂੰ ਦੀਵਾਰ ਵਿਚ ਚਿਣ ਕੇ ਮਾਰ ਦਿੱਤਾ ਜਾਵੇ ।ਇਸ ਫਤਵੇ ਨੂੰ ਸੁਣ ਕੇ ਸਭ ਹੈਰਾਨ ਹੋ ਗਏ। ਸਵੇਰੇ ਇਹ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ।
26 ਦਸੰਬਰ ਮਾਤਾ ਨਾਲ ਬੱਚਿਆਂ ਦੀ ਆਖਰੀ ਰਾਤ ਸੀ। ਅਗਲੇ ਦਿਨ ਮਾਤਾ ਨੇ ਆਪਣੇ ਪੋਤਰਿਆਂ ਨੂੰ ਸੋਹਣੀਆਂ ਦਸਤਾਰਾਂ ਸਜਾਈਆਂ ਤੇ ਮੱਥੇ ਚੁੰਮ ਕੇ ਤੋਰਿਆ। ਇਕ ਦੂਜੇ ਦਾ ਹੱਥ ਫੜੀ ਦੋਵੇਂ ਵੀਰ ਤੁਰ ਪਏ, ਚਿਹਰੇ ਤੇ ਜਲਾਲ ਸੀ। ਵਾਹਿਗੁਰੂ ਦਾ ਜਾਪ ਕਰਦੇ ਹੋਏ ਇਹ ਲਾਲ ਲਾੜੀ ਮੌਤ ਨੂੰ ਵਿਆਉਣ ਤੁਰ ਪਏ।ਇਕ ਵਾਰ ਫਿਰ ਵਜ਼ੀਰ ਖਾਂ ਨੇ ਸਮਝਾਇਆ ਮੁਸਲਮਾਨ ਬਣ ਜਾਓ ਛੱਡ ਦਿਆਂਗੇ ਪਰ ਸਿਖੀ ਸਿਦਕ ਦੇ ਪੱਕੇ ਇਹ ਦੋਵੇਂ ਲਾਲ ਨਾ ਮੰਨੇ ਤੇ ਜ਼ਾਲਮਾਂ ਦੁਆਰਾ ਦੀਵਾਰ ਵਿੱਚ ਚਿਣ ਦਿੱਤੇ । ਨੀਹਾਂ ਵਿੱਚ ਜਦੋਂ ਪੈਰਾਂ ਉਪਰ ਭਾਰ ਪੈਣ ਲੱਗਾ ਤਾਂ ਸਰੀਰਾਂ ਦੇ ਭਾਰ ਨਾਲ ਦੀਵਾਰ ਡਿਗ ਗਈ। ਵਜ਼ੀਰ ਖਾਂ ਦੇ ਜ਼ੁਲਮ ਦੀ ਇੰਨਤਹਾ ਹੋ ਗਈ ਜਦੋਂ ਉਸ ਨੇ ਬੇਹੋਸ਼ ਹੋਏ ਬੱਚਿਆਂ ਦੀ ਸਾਹ-ਰਗਾਂ ਕੱਟਣ ਦਾ ਹੁਕਮ ਦਿੱਤਾ ਤੇ ਹੁਕਮ ਦੇ ਬੱਧੇ ਜੱਲਾਦਾਂ ਨੇ ਸੋਹਲ ਤੇ ਮਾਸੂਮ ਜਿੰਦਾਂ ਦੇ ਗਲੇ ਉਪਰ ਖੰਜਰ ਚਲਾ ਕੇ ਸਾਹ-ਰਗਾਂ ਕੱਟ ਦਿਤੀਆਂ ।ਮਾਤਾ ਜੀ ਵੀ ਠੰਡੇ ਬੁਰਜ ਵਿੱਚ ਹੀ ਸਰੀਰ ਛੱਡ ਗਏ। ਜ਼ਾਲਮਾਂ ਨੇ ਇਨ੍ਹਾਂ ਸਰੀਰਾਂ ਨੂੰ ਠੰਡੇ ਬੁਰਜ ਦੇ ਨਾਲ ਲਗਦੀ ਹੰਸਲਾ ਨਦੀ ਵਿੱਚ ਸੁੱਟ ਦਿਤਾ ਤਾਂ ਕਿ ਇਨ੍ਹਾਂ ਨਿਰਜਿੰਦ ਸਰੀਰਾਂ ਨੂੰ ਕਾਂ, ਕੁੱਤੇ ਤੇ ਇਲਾਂ ਖਾ ਜਾਣ ਤੇ ਸਰੀਰਾਂ ਦੀ ਬੇਅਦਬੀ ਹੋ ਸਕੇ।
ਜਦੋਂ ਇਸ ਘਟਨਾ ਦੀ ਖ਼ਬਰ ਗੁਰੂ ਘਰ ਦੇ ਸ਼ਰਧਾਲੂ ਦੀਵਾਨ ਟੋਡਰ ਮੱਲ ਨੂੰ ਹੋਈ ਜੋ ਕਿਸੇ ਕੰਮ ਬਾਹਰ ਗਿਆ ਹੋਇਆ ਸੀ।ਉਸ ਦਾ ਮਨ ਵੈਰਾਗ ਨਾਲ ਭਰ ਗਿਆ ।ਉਸ ਦੇ ਮਨ ਦੀ ਭਾਵਨਾ ਸੀ ਕਿ ਸਰੀਰਾਂ ਦੀ ਬੇਅਦਬੀ ਨਾ ਹੋਵੇ।ਉਸ ਨੇ ਵਜ਼ੀਰ ਖਾਨ ਤੱਕ ਪਹੁੰਚ ਕੀਤੀ ਤੇ ਸਰੀਰਾਂ ਦੇ ਸਸਕਾਰ ਦੀ ਆਗਿਆ ਲਈ।ਵਜ਼ੀਰ ਖਾਨ ਨੇ ਇਸ ਸ਼ਰਤ ਤੇ ਆਗਿਆ ਦੇ ਦਿਤੀ ਕਿ ਸੋਨੇ ਦੀਆਂ ਮੋਹਰਾਂ ਖੜ੍ਹੀਆਂ ਕਰ ਕੇ ਖਰੀਦੀ ਜ਼ਮੀਨ ਤੇ ਹੀ ਸਸਕਾਰ ਕਰ ਸਕਦੇ ਹੋ।
ਸੂਬਾ ਵਜ਼ੀਰ ਖਾਨ ਦੇ ਮਹਿਲਾਂ ਦੇ ਲਾਗੇ ਜ਼ਮੀਂਦਾਰ ਚੋਧਰੀ ਅੱਤੇ ਦੀ ਜ਼ਮੀਨ ਸੀ।ਦੀਵਾਨ ਟੋਡਰ ਮੱਲ ਨੇ ਉਸ ਨਾਲ ਗੱਲ ਕਰ ਕੇ ਦੁਨੀਆਂ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦੀ।
ਦੀਵਾਨ ਟੋਡਰ ਮੱਲ ਤੇ ਗੁਰੂ ਘਰ ਦੀਆਂ ਸ਼ਰਧਾਲੂ ਸੰਗਤਾਂ ਨੇ ਮਿਲ ਕੇ ਬੜੀ ਹੀ ਸ਼ਰਧਾ ਨਾਲ ਮਾਤਾ ਤੇ ਉਸ ਦੇ ਲਾਲਾਂ ਦੇ ਪਾਵਨ ਸਰੀਰਾਂ ਦਾ ਇਸ਼ਨਾਨ ਕਰਵਾਇਆ,ਸੁੰਦਰ ਬਸਤਰ ਪਾ ਕੇ ਸਸਕਾਰ ਕੀਤਾ।ਉਸ ਅਸਥਾਨ ਤੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਸੁਸ਼ੋਭਿਤ ਹੈ।
ਪੋਹ ਦਾ ਇਹ ਮਹੀਨਾ ਇਨ੍ਹਾਂ ਸ਼ਹੀਦਾਂ ਨੂੰ ਯਾਦ ਕਰਨ ਦਾ ਮਹੀਨਾ ਹੁੰਦਾ ਹੈ ਆਓ ਇਨ੍ਹਾਂ ਸੋਹਲ ਤੇ ਮਾਸੂਮ ਜਿੰਦਾਂ ਨੂੰ ਨਤਮਸਤਕ ਹੋਈਏ ਤੇ ਉਸ ਦਰਦ ਨੂੰ ਮਹਿਸੂਸ ਕਰੀਏ ਜੋ ਦਰਦ ਗੁਰੂ ਸਾਹਿਬ ਦੇ ਪਰਿਵਾਰ ਨੇ ਸਿੱਖੀ ਸਿਦਕ ਲਈ ਜਰਿਆ।
ਡਾ ਭੁਪਿੰਦਰ ਕੌਰ
ਪੰਜਾਬੀ ਵਿਭਾਗ
コメント